ਵਪਾਰਕ ਜਾਇਦਾਦ-ਮਾਲਕਾਂ ਲਈ ਔਖਿਆਈ ਫੰਡ ਸਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਸਵਾਲ ਅਤੇ ਜਵਾਬ
ਅਕਸਰ ਪੁੱਛੇ ਜਾਣ ਵਾਲੇ ਸਵਾਲ
ਵਪਾਰਕ ਜਾਇਦਾਦ-ਮਾਲਕ ਲਈ ਔਖਿਆਈ ਫੰਡ ਕੀ ਹੈ
ਵਪਾਰਕ ਜਾਇਦਾਦ-ਮਾਲਕ ਔਖਿਆਈ ਫੰਡ (ਫੰਡ) ਛੋਟੇ, ਨਿੱਜੀ ਵਿਅਕਤੀਆਂ ਅਤੇ ਸਾਂਝੀ ਮਾਲਕੀ ਦੀ ਜਾਇਦਾਦ ਦੇ ਮਾਲਕਾਂ ਵਾਸਤੇ ਹੈ ਜਿੰਨ੍ਹਾਂ ਨੇ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme CTRS) ਦੇ ਅਧੀਨ ਆਪਣੇ ਕਿਰਾਏਦਾਰਾਂ ਵਾਸਤੇ ਕਿਰਾਇਆ ਘੱਟ ਕੀਤਾ ਹੈ।
ਫੰਡ ਦੇ ਰਾਹੀਂ, ਵਿਕਟੋਰੀਆ ਦੀ ਸਰਕਾਰ, ਹਰੇਕ ਕਿਰਾਏਦਾਰੀ ਲਈ 3,000 ਡਾਲਰ ਤੱਕ ਦੀਆਂ ਗਰਾਂਟਾਂ ਦੇ ਰਹੀ ਹੈ। ਇਹ ਉਹਨਾਂ ਜਾਇਦਾਦ ਮਾਲਕਾਂ ਵਾਸਤੇ ਹਨ ਜੋ ਕਿ CTRS ਦੇ ਅਧੀਨ ਘੱਟ ਕਿਰਾਏ ਦੇ ਕਾਰਨ, ਵਿੱਤੀ ਤੌਰ ਤੇ ਕਠਿਨਾਈ ਮਹਿਸੂਸ ਕਰ ਰਹੇ ਹਨ।
ਕੀ ਮੈਂ ਗਰਾਂਟ ਦਾ ਅਧਿਕਾਰੀ ਹਾਂ?
ਜੇ ਤੁਸੀਂ ਹੇਠਾਂ ਦਿਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਯੋਗ ਹੋ:
ਤੁਸੀਂ ਇਕ ਨਿੱਜੀ ਵਿਅਕਤੀ (ਜਿਵੇਂ ਕਿ ਇਕ ਮਨੁੱਖ) ਜਾਂ ਸਾਂਝੀ ਜਾਇਦਾਦ ਦੇ ਮਾਲਕ ਹੋ ਜੋ ਨਿੱਜੀ ਸ਼ਖਸ ਹਨ। ਜੇ ਤੁਸੀਂ ਕਿਸੇ ਟਰੱਸਟ, ਸਵੈ-ਪ੍ਰਬੰਧ ਵਾਲੇ ਸੁਪਰਐਨੂਏਸ਼ਨ ਫੰਡ, ਜਾਂ ਕਿਸੇ ਹੋਰ ਸੰਮਲਿਤ (ਇਨਕਾਰਪੋਰੇਟਡ) ਇਕਾਈ ਦੇ ਰਾਹੀਂ ਜਾਇਦਾਦ ਦੇ ਮਾਲਕ ਹੋ, ਤਾਂ ਤੁਸੀਂ ਯੋਗ ਨਹੀਂ ਹੋ।
ਤੁਸੀਂ ਕਿਸੇ ਕਿਰਾਏ ਉੱਤੇ ਦਿੱਤੀ ਗਈ ਵਪਾਰਕ ਜਾਇਦਾਦ ਦੇ ਇਕੱਲੇ ਮਾਲਕ ਹੋ, ਜਾਂ ਹੋਰ ਨਿੱਜੀ ਵਿਅਕਤੀਆਂ ਦੇ ਨਾਲ ਸਾਂਝੇ ਮਾਲਕ ਹੋ। ਤੁਹਾਡੀਆਂ ਵਿਅਕਤੀਗਤ ਕੁੱਲ ਟੈਕਸਯੋਗ ਜ਼ਮੀਨੀ ਜਾਇਦਾਦਾਂ, 1 ਮਿਲੀਅਨ ਡਾਲਰ ਤੋਂ ਘੱਟ ਹਨ ਜਿਵੇਂ ਕਿ ਤੁਹਾਡੇ 2020 ਜ਼ਮੀਨੀ ਟੈਕਸ ਮੁਲਾਂਕਣ ਜਾਂ 2019-20 ਨਗਰ-ਪਾਲਕਾ ਰੇਟਾਂ ਦੀ ਸੂਚਨਾ ਵਿੱਚ ਵਿਖਾਇਆ ਗਿਆ ਹੈ। 1 ਮਿਲੀਅਨ ਡਾਲਰ ਦੀ ਕੁੱਲ ਜ਼ਮੀਨੀ ਜਾਇਦਾਦ ਸੀਮਾ, ਸਾਰੀਆਂ ਜਾਇਦਾਦਾਂ ਵਾਸਤੇ ਹੈ, ਪਰ ਤੁਹਾਡੀ ਰਿਹਾਇਸ਼ ਵਾਲੀ ਮੁੱਖ ਜਗ੍ਹਾ ਵਾਸਤੇ ਨਹੀਂ ਹੈ (ਜਿੱਥੇ ਤੁਸੀਂ ਜ਼ਿਆਦਾ ਸਮਾਂ ਰਹਿੰਦੇ ਹੋ)।
ਵਪਾਰਕ ਜਾਇਦਾਦ ਵਿਕਟੋਰੀਆ ਵਿੱਚ ਹੈ ਅਤੇ ਇਸ ਨੂੰ ਕਿਰਾਏ ਉੱਤੇ ਦਿੱਤਾ ਗਿਆ ਹੈ ਜੋ ਵਪਾਰਕ ਕਿਰਾਏਦਾਰੀ ਰਾਹਤ ਸਕੀਮ (CTRS) ਦੇ ਅਧੀਨ ਕਿਰਾਏ ਤੋਂ ਰਾਹਤ ਵਾਸਤੇ ਯੋਗ ਹੈ।
ਤੁਹਾਨੂੰ ਕਠਿਨਾਈ ਮਹਿਸੂਸ ਹੋ ਰਹੀ ਹੈ, ਜਾਂ ਤੁਹਾਨੂੰ ਵਿੱਤੀ ਤੌਰ ਤੇ ਕਠਿਨਾਈ ਹੋਵੇਗੀ, ਕਿਉਂਕਿ ਤੁਸੀਂ ਆਪਣੇ ਕਿਰਾਏਦਾਰ/ਰਾਂ ਵਾਸਤੇ ਕਿਰਾਇਆ ਘੱਟ ਕਰ ਦਿੱਤਾ ਹੈ, ਜਿੰਨ੍ਹਾਂ ਨੇ CTRS ਦੇ ਅਧੀਨ ਕਿਰਾਏ ਵਿੱਚ ਰਾਹਤ ਦੀ ਮੰਗ ਕੀਤੀ ਹੈ।
ਗਰਾਂਟ ਸਿਰਫ ਵਿਅਕਤੀਆਂ ਅਤੇ ਸਾਂਝੇ ਮਾਲਕਾਂ ਵਾਸਤੇ ਹੀ ਕਿਉਂ ਹੈ?
ਛੋਟੇ ਜਾਇਦਾਦ ਮਾਲਕੀ ਵਾਲੇ ਬਹੁਤ ਸਾਰੇ ਨਿੱਜੀ ਵਿਅਕਤੀ ਰਹਿਣ ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਰਾਏ ਤੋਂ ਹੋਣ ਵਾਲੀ ਆਮਦਨ ਉੱਤੇ ਨਿਰਭਰ ਕਰਦੇ ਹਨ। ਉਹ ਵਿੱਤੀ ਤੰਗੀ ਦੇ ਪ੍ਰਤੀ ਵਧੇਰੇ ਨਿਤਾਣੇ ਹੁੰਦੇ ਹਨ। ਉਹ CTRS ਦੇ ਅਧੀਨ ਕਿਰਾਇਆਂ ਨੂੰ ਘਟਾਉਣ ਦੇ ਵਿੱਤੀ ਪ੍ਰਭਾਵਾਂ ਨੂੰ ਸਹਿਣ ਦੇ ਘੱਟ ਯੋਗ ਹੁੰਦੇ ਹਨ।
ਸੰਮਲਿਤ ਇਕਾਈਆਂ ਕੋਲ ਦੀਵਾਲੀਆ ਹੋਣ ਤੋਂ ਬਚਣ ਲਈ ਰਾਸ਼ਟਰਮੰਡਲ ਕਾਨੂੰਨ ਦੇ ਅਧੀਨ ਸੁਰੱਖਿਆ ਹੁੰਦੀ ਹੈ। ਆਮ ਤੌਰ ਤੇ, ਉਹਨਾਂ ਕੋਲ ਜਾਇਦਾਦ ਦੇ ਛੋਟੇ ਨਿੱਜੀ ਮਾਲਕਾਂ ਨਾਲੋਂ ਵਧੇਰੇ ਵਿੱਤੀ ਸਰੋਤ ਹੁੰਦੇ ਹਨ। ਇਸ ਕਾਰਣ ਕਰਕੇ, ਉਹਨਾਂ ਨੂੰ ਇਸ ਦੇ ਅਧੀਨ ਨਹੀਂ ਲਿਆਂਦਾ ਜਾਂਦਾ।
ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਮੇਰੀਆਂ ਕੁੱਲ ਟੈਕਸਯੋਗ ਜ਼ਮੀਨੀ ਜਾਇਦਾਦਾਂ 1 ਮਿਲੀਅਨ ਡਾਲਰ ਤੋਂ ਘੱਟ ਹਨ?
ਤੁਹਾਡਾ 2020 ਜ਼ਮੀਨੀ ਟੈਕਸ ਮੁਲਾਂਕਣ ਨੋਟਿਸ ਤੁਹਾਡੀਆਂ ਟੈਕਸਯੋਗ ਜ਼ਮੀਨੀ ਜਾਇਦਾਦਾਂ ਦਾ ਕੁੱਲ ਮੁੱਲ ਦੱਸੇਗਾ।
ਜੇ ਤੁਸੀਂ ਜ਼ਮੀਨੀ ਟੈਕਸ ਦਾ ਭੁਗਤਾਨ ਨਹੀਂ ਕਰਦੇ ਕਿਉਂਕਿ ਤੁਹਾਡੀ ਕੁੱਲ ਟੈਕਸਯੋਗ ਜ਼ਮੀਨੀ ਜਾਇਦਾਦ 250,000 ਡਾਲਰ ਤੋਂ ਘੱਟ ਹੈ, ਤਾਂ ਆਪਣੀ 2019-20 ਕੌਂਸਿਲ ਜਾਂ ਨਗਰ-ਪਾਲਕਾ ਰੇਟਾਂ ਦੇ ਨੋਟਿਸ ਤੋਂ ਜਗ੍ਹਾ ਦਾ ਮੁੱਲ ਪ੍ਰਾਪਤ ਕਰੋ।
ਕੀ ਮੈਂ ਇਸ ਗਰਾਂਟ ਵਾਸਤੇ ਅਰਜ਼ੀ ਦੇ ਸਕਦਾ ਹਾਂ ਜੇ ਮੈਂ ਵਿਕਟੋਰੀਆ ਵਿੱਚ ਨਹੀਂ ਰਹਿੰਦਾ ਪਰ ਵਿਕਟੋਰੀਆ ਦੇ ਅੰਦਰ ਮੇਰੀਆਂ CTRS ਦੇ ਯੋਗ ਕਿਰਾਏਦਾਰਾਂ ਵਾਲੀਆਂ ਜਾਇਦਾਦਾਂ ਹਨ?
ਹਾਂ। ਇਸ ਗਰਾਂਟ ਵਾਸਤੇ ਅਰਜ਼ੀ ਦੇਣ ਲਈ ਤੁਹਾਨੂੰ ਵਸਨੀਕ ਹੋਣਾ ਸਾਬਤ ਕਰਨ ਦੀ ਲੋੜ ਨਹੀਂ ਹੈ।
ਕੀ ਮੇਰਾ ਨਿਵਾਸ ਸਥਾਨ (ਜਿੱਥੇ ਤੁਸੀਂ ਜ਼ਿਆਦਾ ਸਮਾਂ ਰਹਿੰਦੇ ਹੋ) ਟੈਕਸਯੋਗ ਜ਼ਮੀਨੀ ਜਾਇਦਾਦਾਂ ਵਿੱਚ ਸ਼ਾਮਲ ਹੈ?
ਨਹੀਂ। ਤੁਹਾਡੇ ਨਿਵਾਸ ਸਥਾਨ ਵਾਲੀ ਜਗਾਹ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।
ਗਰਾਂਟ ਵਾਸਤੇ ਅਰਜ਼ੀ ਦੇਣ ਦੇ ਯੋਗ ਹੋਣ ਲਈ ਮੈਨੂੰ ਕਿੰਨਾ ਕਿਰਾਇਆ ਘੱਟ ਕਰਨ ਦੀ ਲੋੜ ਹੈ?
ਜਾਇਦਾਦ ਮਾਲਕਾਂ ਨੇ ਲਾਜ਼ਮੀ ਤੌਰ ਤੇ ਕਿਰਾਏ ਨੂੰ ਕੁੱਲ ਕਿਰਾਏ ਦੇ ਘੱਟੋ ਘੱਟ 30 ਪ੍ਰਤੀਸ਼ਤ ਤੱਕ ਘੱਟ ਕਰ ਦਿੱਤਾ ਹੋਵੇਗਾ। ਇਸ ਵਿੱਚੋਂ ਤਿੰਨ ਮਹੀਨਿਆਂ ਜਾਂ ਵੱਧ ਲਈ ਛੋਟ ਵਜੋਂ ਅੱਧਾ ਜਾਂ ਵੱਧ ਲਾਜ਼ਮੀ ਛੱਡਿਆ ਹੋਇਆ ਹੋਣਾ ਚਾਹੀਦਾ ਹੈ। ਇਹ 21 ਅਗਸਤ 2020 ਨੂੰ ਫੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦਾ ਹੈ।
ਜਾਇਦਾਦ ਮਾਲਕ 21 ਅਗਸਤ 2020 ਤੋਂ ਪਹਿਲਾਂ, ਤਿੰਨ ਮਹੀਨਿਆਂ ਦੌਰਾਨ ਦਿੱਤੀਆਂ ਕਿਰਾਏ ਦੀਆਂ ਛੋਟਾਂ ਦੇ ਖਿਲਾਫ ਦਾਅਵਾ ਕਰ ਸਕਦੇ ਹਨ। ਉਹ ਭਵਿੱਖ ਦੇ ਕਿਰਾਏ ਵਿੱਚ ਛੋਟਾਂ ਦਾ ਦਾਅਵਾ ਵੀ ਕਰ ਸਕਦੇ ਹਨ ਜਿੰਨ੍ਹਾਂ ਬਾਰੇ ਕਿਰਾਏਦਾਰ ਨਾਲ ਸਹਿਮਤੀ ਹੋ ਗਈ ਹੈ। ਇਹਨਾਂ ਨੂੰ ਨਿਯਮਾਂ ਦੇ ਅਨੁਸਾਰ ਹੋਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਉਹਨਾਂ ਨੇ ਕੁੱਲ ਕਿਰਾਏ ਨੂੰ ਘੱਟੋ ਘੱਟ 30 ਪ੍ਰਤੀਸ਼ਤ ਘੱਟ ਕਰ ਦਿੱਤਾ ਹੋਵੇਗਾ। ਇਸ ਵਿੱਚੋਂ ਅੱਧਾ ਜਾਂ ਵਧੇਰੇ, 31 ਦਸੰਬਰ 2020 ਤੱਕ, ਤਿੰਨ ਮਹੀਨਿਆਂ ਜਾਂ ਇਸ ਤੋਂ ਵਧੇਰੇ ਵਾਸਤੇ ਛੋਟ ਵਜੋਂ ਹੋਣਾ ਚਾਹੀਦਾ ਹੈ।
ਕੀ ਮੈਂ ਕਿਸੇ ਗਰਾਂਟ ਵਾਸਤੇ ਅਰਜ਼ੀ ਦੇ ਸਕਦਾ ਹਾਂ ਜੇਕਰ ਮੈਂ ਆਪਣੇ ਕਿਰਾਏਦਾਰ ਦਾ ਪੂਰਾ ਕਿਰਾਇਆ ਮੁਲਤਵੀ ਕਰ ਦਿੱਤਾ ਹੈ (ਕਿਰਾਇਆ ਬਾਅਦ ਵਿੱਚ ਅਦਾ ਕਰਨਾ ਹੈ)?
ਨਹੀਂ। ਇਸ ਫੰਡ ਵਿੱਚੋਂ ਗਰਾਂਟ ਦੀ ਰਕਮ ਦੀ ਗਿਣਤੀ ਕਰਦੇ ਸਮੇਂ, ਕੇਵਲ ਕਿਰਾਏ ਦੀਆਂ ਛੋਟਾਂ ਤੇ ਵਿਚਾਰ ਕੀਤਾ ਜਾਵੇਗਾ। ਕਿਰਾਇਆ ਮੁਲਤਵੀ ਕਰਨ ਵਾਲਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਇਸ ਦਾ ਬਾਅਦ ਵਿੱਚ ਜਾਇਦਾਦ ਦੇ ਮਾਲਕ ਨੂੰ ਭੁਗਤਾਨ ਕੀਤਾ ਹੀ ਜਾਣਾ ਹੈ।
ਜੇ ਇਸ ਫੰਡ ਵਾਸਤੇ ਯੋਗਤਾ ਪੂਰੀ ਕਰਨ ਲਈ ਪਹਿਲਾਂ ਕੀਤੇ ਸਮਝੌਤੇ ਦੇ ਅਧੀਨ ਕਿਰਾਇਆ ਇੰਨਾ ਘੱਟ ਨਹੀਂ ਹੈ ਤਾਂ ਕੀ ਹੋਵੇਗਾ?
ਜੇ ਕੋਈ ਸਮਝੌਤਾ ਪਹਿਲਾਂ ਹੀ ਲਾਗੂ ਹੈ ਜੋ 21 ਅਗਸਤ 2020 ਤੋਂ ਅੱਗੇ ਜਾਂਦਾ ਹੈ, ਤਾਂ ਤੁਹਾਨੂੰ ਇਸ ਇਕਰਾਰਨਾਮੇ ਵਿੱਚ ਸੋਧ ਕਰਨ ਦੀ ਲੋੜ ਪਵੇਗੀ। ਨਵੇਂ ਇਕਰਾਰਨਾਮੇ ਨੂੰ ਉੱਪਰ ਦੱਸੇ ਅਨੁਸਾਰ ਫੰਡ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਪਵੇਗੀ। ਤੁਹਾਨੂੰ ਇਸ ਨੂੰ ਅਰਜ਼ੀ ਵਿੱਚ ਵਿਖਾਉਣ ਦੀ ਲੋੜ ਪਵੇਗੀ।
ਵਿਕਟੋਰੀਆ ਦਾ ਸਮਾਲ ਬਿਜ਼ਨੈਸ ਕਮਿਸ਼ਨ ਮੁਫ਼ਤ ਵਿਚੋਲਗਿਰੀ ਕਰ ਸਕਦਾ ਹੈ, ਜੋ ਕਿ ਮਾਲਕਾਂ ਅਤੇ ਕਿਰਾਏਦਾਰਾਂ ਵਿਚਕਾਰ ਕਿਸੇ ਵੀ ਝਗੜੇ ਵਿੱਚ ਮਦਦ ਕਰ ਸਕਦਾ ਹੈ। ਇਹ ਨਿਰਪੱਖ ਨਤੀਜਾ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਕੀ ਇਕ ਤੋਂ ਵਧੇਰੇ CTRS ਦੇ ਯੋਗ ਕਿਰਾਏਦਾਰਾਂ ਵਾਸਤੇ ਕਿਰਾਇਆ ਘੱਟ ਕਰਨ ਵਾਲਾ ਜਾਇਦਾਦ-ਮਾਲਕ ਇਕ ਤੋਂ ਵਧੇਰੇ ਗਰਾਂਟਾਂ ਵਾਸਤੇ ਅਰਜ਼ੀ ਦੇ ਸਕਦਾ ਹੈ?
ਹਾਂ। ਜੇ ਜਾਇਦਾਦ-ਮਾਲਕ ਹਰੇਕ ਕਿਰਾਏਦਾਰੀ ਵਾਸਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਤਾਂ ਉਹ 3,000 ਡਾਲਰ ਵਾਲੀ ਇਕ ਗਰਾਂਟ ਤੋਂ ਵੱਧ ਵਾਸਤੇ ਅਰਜ਼ੀ ਦੇ ਸਕਦੇ ਹਨ। ਬਿਨੈਕਾਰ ਕੇਵਲ ਇਕ ਵਾਰ ਹੀ ਫੰਡ ਵਿੱਚ ਅਰਜ਼ੀ ਦੇ ਸਕਦਾ ਹੈ।
ਜੇ ਕਿਸੇ ਬਿਨੈਕਾਰ ਕੋਲ ਇਕ ਤੋਂ ਵਧੇਰੇ ਵਪਾਰਕ ਜਾਇਦਾਦਾਂ ਹਨ, ਤਾਂ ਉਹਨਾਂ ਨੂੰ ਲਾਜ਼ਮੀ ਤੌਰ ਤੇ ਇੱਕ ਹੀ ਪ੍ਰਾਰਥਨਾ-ਪੱਤਰ ਵਿੱਚ ਸਾਰੀਆਂ ਜਾਇਦਾਦਾਂ ਵਾਸਤੇ ਅਰਜ਼ੀ ਦੇਣੀ ਚਾਹੀਦੀ ਹੈ। ਇਹ ਉਦੋਂ ਤੱਕ ਹੈ ਜਦੋਂ ਤੱਕ ਉਹਨਾਂ ਦੀਆਂ ਕੁੱਲ ਟੈਕਸਯੋਗ ਜ਼ਮੀਨੀ ਜਾਇਦਾਦਾਂ, ਜਿੰਨ੍ਹਾਂ ਵਿੱਚ ਉਹਨਾਂ ਦੇ ਮੁੱਖ ਰਿਹਾਇਸ਼ ਸਥਾਨ ਸ਼ਾਮਲ ਨਹੀਂ ਹਨ, 1 ਮਿਲੀਅਨ ਡਾਲਰ ਤੋਂ ਘੱਟ ਮੁੱਲ ਦੇ ਹਨ।
ਉਦਾਹਰਣ ਵਜੋਂ, ਜੇ ਕਿਸੇ ਜਾਇਦਾਦ-ਮਾਲਕ ਨੇ ਤਿੰਨ ਵੱਖ-ਵੱਖ ਕਿਰਾਏਦਾਰੀਆਂ ਵਾਸਤੇ ਕਿਰਾਇਆ ਘੱਟ ਕੀਤਾ ਹੈ ਤਾਂ ਉਹ ਇੱਕ ਹੀ ਗਰਾਂਟ ਵਾਲੀ ਅਰਜ਼ੀ ਵਿੱਚ ਹਰੇਕ ਕਿਰਾਏਦਾਰੀ ਵਾਸਤੇ 3,000 ਡਾਲਰ ਵਾਲੀ ਅਰਜ਼ੀ ਦੇ ਸਕਦੇ ਹਨ। ਹਰੇਕ ਕਿਰਾਏਦਾਰੀ CTRS ਦੇ ਅਧੀਨ ਕਿਰਾਏ ਤੋਂ ਰਾਹਤ ਵਾਸਤੇ ਯੋਗ ਹੋਣੀ ਚਾਹੀਦੀ ਹੈ। ਜਾਇਦਾਦ ਮਾਲਕ ਦੀ ਕੁੱਲ ਟੈਕਸਯੋਗ ਜ਼ਮੀਨੀ ਜਾਇਦਾਦ 1 ਮਿਲੀਅਨ ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ।
ਕੀ ਗਰਾਂਟ, ਜਾਇਦਾਦਾਂ ਦੇ ਥੋੜ੍ਹੇ ਹਿੱਸੇ ਵਾਲੇ ਮਾਲਕਾਂ ਲਈ ਉਪਲਬਧ ਹੈ?
ਹਾਂ। ਕੋਈ ਜਾਇਦਾਦ ਮਾਲਕ, ਜਿਸ ਦਾ ਜਾਇਦਾਦ ਵਿੱਚ ਹਿੱਸਾ ਹੈ, ਅਰਜ਼ੀ ਦੇ ਸਕਦਾ ਹੈ। ਉਹਨਾਂ ਕੋਲ ਅਜੇ ਵੀ ਕਿਰਾਏਦਾਰ ਹੋਣਾ ਚਾਹੀਦਾ ਹੈ ਜੋ CTRS ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਜਾਇਦਾਦ ਦੇ ਮਾਲਕ ਜਾਇਦਾਦ ਵਿੱਚ ਆਪਣੇ ਹਿੱਸੇ ਦੇ ਬਰਾਬਰ ਦੀ ਗਰਾਂਟ ਵਾਸਤੇ ਅਰਜ਼ੀ ਦੇ ਸਕਦੇ ਹਨ।
ਉਦਾਹਰਣ ਵਜੋਂ, ਕੋਈ ਜਾਇਦਾਦ ਮਾਲਕ ਜਿਸ ਦਾ ਜਾਇਦਾਦ ਵਿੱਚ 25 ਪ੍ਰਤੀਸ਼ਤ ਹਿੱਸਾ ਹੈ ਜੋ CTRS ਦੇ ਅਧੀਨ ਆਪਣੇ ਕਿਰਾਏਦਾਰ ਦਾ ਕਿਰਾਇਆ ਘੱਟ ਕਰਦਾ ਹੈ, 750 ਡਾਲਰ ਤੱਕ ਅਰਜ਼ੀ ਦੇ ਸਕਦਾ ਹੈ। ਇਹ 3,000 ਡਾਲਰ ਦਾ 25 ਪ੍ਰਤੀਸ਼ਤ ਹੈ। ਦੂਸਰੇ ਮਾਲਕ ਵੀ ਆਪਣੇ ਹਿੱਸੇ ਵਾਸਤੇ ਅਰਜ਼ੀ ਦੇ ਸਕਦੇ ਹਨ ਜੇਕਰ ਉਹ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਜਾਇਦਾਦ ਕਿੰਨੀ ਕੀਮਤ ਦੀ ਹੋਵੇ, ਇਹ ਹਰੇਕ ਹਿੱਸੇ ਦੇ ਮਾਲਕ ਦੀ ਗਰਾਂਟ ਵਾਸਤੇ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਜੇਕਰ ਉਹਨਾਂ ਦੀਆਂ ਵਿਅਕਤੀਗਤ ਟੈਕਸਯੋਗ ਜ਼ਮੀਨੀ ਜਾਇਦਾਦਾਂ ਰਾਜ ਦੇ ਮਾਲੀਆ ਦਫਤਰ (ਸਟੇਟ ਰੈਵੇਨਿਊ ਆਫਿਸ) ਦੇ ਮੁਲਾਂਕਣ ਵਿੱਚ 1 ਮਿਲੀਅਨ ਡਾਲਰ ਤੋਂ ਘੱਟ ਹਨ।
ਮੇਰੀ ਪਤਨੀ ਅਤੇ ਮੈਂ ਇਕ ਵਪਾਰਕ ਜਾਇਦਾਦ ਦੇ ਸਾਂਝੇ ਮਾਲਕ ਹਾਂ। ਸਾਡਾ ਕਿਰਾਏਦਾਰ CTRS ਦੇ ਅਧੀਨ ਕਿਰਾਏ ਤੋਂ ਰਾਹਤ ਵਾਸਤੇ ਯੋਗ ਹੈ। ਕੀ ਅਸੀਂ ਉਸ ਜਾਇਦਾਦ ਵਾਸਤੇ ਇਕ ਸਾਂਝੀ ਅਰਜ਼ੀ ਦੇ ਸਕਦੇ ਹਾਂ (ਇਕੱਠਿਆਂ ਅਰਜ਼ੀ ਦੇਣਾ)?
ਨਹੀਂ। ਹਰੇਕ ਸਾਂਝਾ ਮਾਲਕ ਜੋ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਨੂੰ ਜਾਇਦਾਦ ਵਿੱਚ ਆਪਣੇ ਹਿੱਸੇ ਵਾਸਤੇ ਇੱਕ ਵੱਖਰੀ ਅਰਜ਼ੀ ਦੇਣੀ ਚਾਹੀਦੀ ਹੈ। ਗਰਾਂਟ ਦੀ ਰਕਮ ਜਾਇਦਾਦ ਵਿੱਚ ਹਰੇਕ ਬਿਨੈਕਾਰ ਦੇ ਹਿੱਸੇ ਦੇ ਬਰਾਬਰ ਹੋਵੇਗੀ।
ਕੀ ਜਾਇਦਾਦ ਮਾਲਕ ਨੂੰ ਇਕ CTRS ਪਾਤਰਤਾ ਵਾਲੀ ਕਿਰਾਏਦਾਰੀ ਉੱਤੇ ਇਕ ਤੋਂ ਵੱਧ ਗਰਾਂਟ ਮਿਲ ਸਕਦੀ ਹੈ?
ਨਹੀਂ। ਕਿਸੇ ਵੀ CTRS ਦੇ ਯੋਗ ਕਿਰਾਏਦਾਰੀ ਵਿੱਚ ਜਾਇਦਾਦ-ਮਾਲਕ ਦੇ ਹਿੱਸੇ ਵਾਸਤੇ ਕੇਵਲ ਇਕ ਹੀ ਗਰਾਂਟ ਉਪਲਬਧ ਹੈ।
ਮੇਰੇ ਕਿਰਾਏਦਾਰ ਨੂੰ CTRS ਦੇ ਅਧੀਨ ਕਿਰਾਇਆ ਰਾਹਤ ਨਹੀਂ ਮਿਲ ਸਕਦੀ ਹੈ। ਕੀ ਮੈਂ ਫਿਰ ਵੀ ਇਸ ਗਰਾਂਟ ਵਾਸਤੇ ਅਰਜ਼ੀ ਦੇ ਸਕਦਾ ਹਾਂ?
ਨਹੀਂ। ਤੁਹਾਡੇ ਕਿਰਾਏਦਾਰ ਨੂੰ CTRS ਦੇ ਅਧੀਨ ਕਿਰਾਇਆ ਰਾਹਤ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕੀ ਮੇਰਾ ਕਿਰਾਏਦਾਰ CTRS ਦੇ ਅਧੀਨ ਕਿਰਾਏ ਤੋਂ ਰਾਹਤ ਵਾਸਤੇ ਯੋਗ ਹੈ?
CTRS ਦੇ ਯੋਗ ਕਿਰਾਏਦਾਰ ਉਹ ਹੈ:
- ਜਿਸ ਦੀ ਸਾਲਾਨਾ ਆਮਦਨ 50 ਮਿਲੀਅਨ ਡਾਲਰ ਤੋਂ ਘੱਟ ਹੈ
- ਆਮਦਨ ਵਿੱਚ 30 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦਾ ਘਾਟਾ ਹੋਇਆ ਹੈ, ਅਤੇ
- ਰਾਸ਼ਟਰਮੰਡਲ ਦੀ ਜੌਬ-ਕੀਪਰ ਭੁਗਤਾਨ ਸਕੀਮ ਦਾ ਹਿੱਸਾ ਹੈ।
ਮੈਂ ਕਿਵੇਂ ਸਾਬਤ ਕਰਾਂ ਕਿ ਕਿਰਾਇਆ ਘੱਟ ਕਰਨ ਨਾਲ ਮੈਨੂੰ ਮੁਸ਼ਕਲ ਆਈ ਹੈ?
ਹਰੇਕ ਬਿਨੈਕਾਰ ਨੂੰ ਇਹ ਵਿਖਾਉਣ ਦੀ ਲੋੜ ਹੋਵੇਗੀ ਕਿ, ਕਿਉਂਕਿ ਉਹਨਾਂ ਨੇ ਯੋਗ ਕਿਰਾਏਦਾਰਾਂ ਨੂੰ ਕਿਰਾਏ ਤੋਂ ਰਾਹਤ ਦਿੱਤੀ ਸੀ, ਇਸ ਲਈ ਉਹਨਾਂ ਨੂੰ ਵਿੱਤੀ ਮੁਸ਼ਕਲਾਂ ਦਾ ਅਨੁਭਵ ਹੋ ਰਿਹਾ ਹੈ, ਜਾਂ ਹੋਵੇਗਾ। ਬਿਨੈਕਾਰਾਂ ਨੂੰ ਇਹ ਵਿਖਾਉਣ ਦੀ ਲੋੜ ਹੋਵੇਗੀ ਕਿ ਉਹਨਾਂ ਨੂੰ ਦਿੱਤੇ ਜਾਣ ਵਾਲੇ ਬਿੱਲਾਂ ਜਾਂ ਰਹਿਣ ਦੇ ਖ਼ਰਚਿਆਂ, ਜਾਂ ਕਰਜ਼ੇ ਨੂੰ ਮੋੜਨ ਵਿੱਚ ਕਠਿਨਾਈ ਹੋਈ ਹੈ।
ਕਿਰਾਏਦਾਰੀ ਦੇ ਮਾਮਲਿਆਂ ਨੂੰ ਹੱਲ ਕਰਨ ਲਈ, ਕਿਰਾਏਦਾਰ ਅਤੇ ਜਾਇਦਾਦਾਂ ਦੇ ਮਾਲਕ, ਕੀ ਕਦਮ ਚੁੱਕ ਸਕਦੇ ਹਨ?
ਜੇ ਕਿਸੇ ਵਪਾਰਕ ਕਿਰਾਏਦਾਰ ਨੂੰ ਕਰੋਨਾਵਾਇਰਸ (COVID-19) ਦੀ ਮਹਾਂਮਾਰੀ ਕਰਕੇ ਕਿਰਾਇਆ ਦੇਣ ਵਿੱਚ ਕਠਿਨਾਈ ਆ ਰਹੀ ਹੈ, ਤਾਂ ਵਿਕਟੋਰੀਆ ਸਮਾਲ ਬਿਜ਼ਨੈਸ ਕਮਿਸ਼ਨ ਇਹ ਸਿਫਾਰਸ਼ ਕਰਦਾ ਹੈ:
- ਕਿਰਾਏਦਾਰ ਉਨਾ ਭੁਗਤਾਨ ਕਰਦੇ ਰਹਿਣ ਜੋ ਉਹ ਕਰ ਸਕਦੇ ਹਨ
- ਜਾਇਦਾਦ ਮਾਲਕ ਆਪਣੀ ਵਿੱਤੀ ਸਥਿਤੀ ਦਾ ਹਿਸਾਬ ਲਗਾਉਣ
- ਕਿਰਾਏ ਤੋਂ ਰਾਹਤ ਬਾਰੇ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਕਿਰਾਏਦਾਰ ਅਤੇ ਜਾਇਦਾਦ-ਮਾਲਕ ਦੋਵੇਂ ਇਕ ਦੂਸਰੇ ਨਾਲ ਗੱਲ ਕਰਨ।
ਜੇ ਕਿਰਾਏਦਾਰ ਅਤੇ ਜਾਇਦਾਦ-ਮਾਲਕ ਅਧਿਨਿਯਮਾਂ ਦੀ ਪਾਲਣਾ ਮੁਤਾਬਕ ਘੱਟ ਕਿਰਾਏ ਉੱਤੇ ਸਹਿਮਤ ਨਹੀਂ ਹੁੰਦੇ ਤਾਂ ਕੀ ਹੋਵੇਗਾ?
ਵਿਕਟੋਰੀਅਨ ਸਮਾਲ ਬਿਜ਼ਨੈਸ ਕਮਿਸ਼ਨ (VSBC) ਕੋਲ ਮੁਫ਼ਤ ਵਿਚੋਲਗਿਰੀ ਅਤੇ ਝਗੜਾ ਹੱਲ ਕਰਨ ਦੀਆਂ ਸੇਵਾਵਾਂ ਹਨ। ਦੋਵੇਂ ਧਿਰਾਂ ਇਹਨਾਂ ਸੇਵਾਵਾਂ ਤੋਂ ਮਦਦ ਲੈ ਸਕਦੀਆਂ ਹਨ।
ਤੁਸੀਂ ਆਪਣੇ ਕਿਰਾਏ ਦੇ ਝਗੜੇ ਨੂੰ ਹੱਲ ਕਰਨ ਲਈ VSBC ਨੂੰ ਮੁਫ਼ਤ ਵਿਚੋਲਗਿਰੀ ਵਾਸਤੇ ਅਰਜ਼ੀ ਦੇ ਸਕਦੇ ਹੋ। ਅਰਜ਼ੀ ਦਿੰਦੇ ਸਮੇਂ, ਤੁਸੀਂ ਆਪਣੇ ਕਿਰਾਏਨਾਮੇ ਦੀ ਇਕ ਨਕਲ ਸ਼ਾਮਲ ਕਰਨੀ ਯਕੀਨੀ ਬਣਾਓ।
ਜੇ ਤੁਸੀਂ ਸਹਿਮਤੀ ਤੇ ਨਹੀਂ ਪਹੁੰਚ ਸਕਦੇ, ਤਾਂ ਤੁਸੀਂ ਹੱਲ ਕੱਢਣ ਵਾਸਤੇ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (VCAT) ਕੋਲ ਅਰਜ਼ੀ ਦੇ ਸਕਦੇ ਹੋ।
ਕੀ ਮੈਂ ਅਰਜ਼ੀ ਦੀ, ਅਨੁਵਾਦ ਕੀਤੀ ਜਾਣਕਾਰੀ ਲੈ ਸਕਦਾ ਹਾਂ?
ਅਰਜ਼ੀਆਂ ਨੂੰ ਲਾਜ਼ਮੀ ਤੌਰ ਤੇ ਅੰਗਰੇਜ਼ੀ ਵਿੱਚ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ। ਅਰਜ਼ੀਆਂ ਵਿੱਚ ਸਹਾਇਤਾ ਦੇਣ ਲਈ ਅਨੁਵਾਦ ਕੀਤੀਆਂ ਸਮੱਗਰੀਆਂ ਜਲਦੀ ਹੀ ਉਪਲਬਧ ਹੋਣਗੀਆਂ।
ਵਪਾਰਕ ਜਾਇਦਾਦ-ਮਾਲਕ ਔਖਿਆਈ ਫੰਡ ਦੇ ਸਫੇ ਉਪਰ ਵਾਪਸ ਜਾਓ
ਗਰਾਂਟ ਫ਼ੰਡ ਲਈ ਪਾਤਰਤਾ ਵਾਸਤੇ ਉਦਾਹਰਣਾਂ
ਇਕੱਲੇ ਜਾਇਦਾਦ-ਮਾਲਕ
ਉਦਾਹਰਣ ਇੱਕ
ਕੇਟ ਕੋਲ ਇਕ ਜਾਇਦਾਦ ਹੈ ਜਿਸ ਦੀ ਜ਼ਮੀਨ ਦਾ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੈ। ਉਸ ਦਾ ਇੱਕ ਕਿਰਾਏਦਾਰ, ਐਂਜਲੋ ਹੈ, ਜਿਸ ਨੇ CTRS ਦੇ ਅਧੀਨ ਕਿਰਾਏ ਤੋਂ ਰਾਹਤ ਲੈਣ ਵਾਸਤੇ ਅਰਜ਼ੀ ਦਿੱਤੀ ਸੀ।
ਫੰਡ ਦੇ ਐਲਾਨ ਤੋਂ ਪਹਿਲਾਂ ਜਾਂ ਬਾਅਦ ਵਿੱਚ, ਕੇਟ ਨੇ ਐਂਜਲੋ ਨੂੰ ਤਿੰਨ ਮਹੀਨਿਆਂ ਦੇ ਦੌਰਾਨ 10,000 ਡਾਲਰ ਦੀ ਕਿਰਾਇਆ ਰਾਹਤ ਦਿੱਤੀ। ਇਸ ਵਿੱਚ ਘੱਟੋ ਘੱਟ ਅੱਧੀ (5,000 ਡਾਲਰ) ਛੋਟ ਵਜੋਂ ਸੀ।
ਨਤੀਜਾ
- ਜੇ ਉਹ ਯੋਗਤਾ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਤਾਂ ਕੇਟ 3,000 ਡਾਲਰ ਤੱਕ ਦਾ ਭੁਗਤਾਨ ਲੈ ਸਕਦੀ ਹੈ।
- ਕੇਟ ਇਸ ਕਿਰਾਏਦਾਰੀ ਵਾਸਤੇ ਹੋਰ ਅਰਜ਼ੀਆਂ ਨਹੀਂ ਦੇ ਸਕਦੀ ਹੈ।
ਉਦਾਹਰਣ ਦੋ
ਥਾਓ ਜਾਇਦਾਦ ਦਾ ਮਾਲਕ ਹੈ। ਜ਼ਮੀਨ ਦਾ ਕੁੱਲ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੈ। ਥਾਓ ਦੀ ਜਾਇਦਾਦ ਵਿੱਚ ਦੋ ਕਿਰਾਏਦਾਰ ਹਨ। ਦੋਵੇਂ ਹੀ CTRS ਲਈ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਫੰਡ ਦੇ ਐਲਾਨ ਤੋਂ ਬਾਅਦ ਵਿੱਚ, ਥਾਓ ਨੇ ਦੋਵੇਂ ਕਿਰਾਏਦਾਰਾਂ ਨੂੰ ਤਿੰਨ ਮਹੀਨਿਆਂ ਦੇ ਦੌਰਾਨ ਹਰੇਕ ਨੂੰ 10,000 ਡਾਲਰ ਦੀ ਕਿਰਾਇਆ ਰਾਹਤ ਦਿੱਤੀ। ਇਸ ਵਿੱਚ ਘੱਟੋ ਘੱਟ (5,000 ਡਾਲਰ ਹਰੇਕ) ਛੋਟ ਵਜੋਂ ਸੀ।
ਨਤੀਜਾ
- ਜੇ ਉਹ ਯੋਗਤਾ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਥਾਓ ਨੂੰ 3,000 ਡਾਲਰ ਤੱਕ ਦੇ ਦੋ ਭੁਗਤਾਨ ਮਿਲ ਸਕਦੇ ਹਨ (ਹਰੇਕ ਕਿਰਾਏਦਾਰੀ ਵਾਸਤੇ ਇੱਕ – ਕੁੱਲ 6000 ਡਾਲਰ)।
- ਥਾਓ ਕਿਸੇ ਹੋਰ ਕਿਰਾਏਦਾਰੀ ਵਾਸਤੇ ਹੋਰ ਅਰਜ਼ੀਆਂ ਨਹੀਂ ਦੇ ਸਕਦਾ ਹੈ।
ਉਦਾਹਰਣ ਤਿੰਨ
ਨਿੱਕ ਦੋ ਜਾਇਦਾਦਾਂ ਦਾ ਮਾਲਕ ਹੈ। ਇਕੱਠਿਆਂ, ਉਹਨਾਂ ਦਾ ਜ਼ਮੀਨੀ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੈ। ਨਿੱਕ ਦੀਆਂ ਜਾਇਦਾਦਾਂ ਵਿੱਚੋਂ ਸਿਰਫ ਇਕ ਕਿਰਾਏਦਾਰੀ ਹੈ ਜੋ CTRS ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਫੰਡ ਦੇ ਐਲਾਨ ਤੋਂ ਪਹਿਲਾਂ ਜਾਂ ਬਾਅਦ ਵਿੱਚ, ਨਿੱਕ ਨੇ ਤਿੰਨ ਮਹੀਨਿਆਂ ਦੇ ਦੌਰਾਨ ਆਪਣੇ ਕਿਰਾਏਦਾਰ ਦੇ ਕਿਰਾਏ ਨੂੰ 10,000 ਡਾਲਰ ਘਟਾ ਦਿੱਤਾ। ਇਸ ਵਿੱਚ ਘੱਟੋ ਘੱਟ ਅੱਧਾ (5,000 ਡਾਲਰ) ਛੋਟ ਵਜੋਂ ਸੀ।
ਨਤੀਜਾ
- ਜੇ ਉਹ ਯੋਗਤਾ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਨਿੱਕ 3,000 ਡਾਲਰ ਤੱਕ ਦਾ ਭੁਗਤਾਨ ਲੈ ਸਕਦਾ ਹੈ।
- ਨਿੱਕ ਇਸ ਕਿਰਾਏਦਾਰੀ ਵਾਸਤੇ ਹੋਰ ਅਰਜ਼ੀਆਂ ਨਹੀਂ ਦੇ ਸਕਦਾ ਹੈ।
ਜਾਇਦਾਦ ਦੇ ਵਧੇਰੇ (ਇਕ ਤੋਂ ਵੱਧ) ਮਾਲਕ
ਉਦਾਹਰਣ ਚਾਰ
ਦੋ ਬਿਨੈਕਾਰਾਂ ਦਾ ਇਕ ਜਾਇਦਾਦ ਵਿੱਚ 50 ਪ੍ਰਤੀਸ਼ਤ ਹਿੱਸਾ ਹੈ ਜਿਸ ਦੀ ਜ਼ਮੀਨ ਦਾ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੈ। ਇਸ ਦੀ ਕਿਰਾਏਦਾਰੀ ਹੈ ਜੋ CTRS ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਫੰਡ ਦੇ ਐਲਾਨ ਤੋਂ ਪਹਿਲਾਂ ਜਾਂ ਬਾਅਦ, ਬਿਨੈਕਾਰਾਂ ਨੇ ਤਿੰਨ ਮਹੀਨਿਆਂ ਦੌਰਾਨ ਕਿਰਾਏਦਾਰ ਦੇ ਕਿਰਾਏ ਵਿੱਚ 10,000 ਡਾਲਰ ਦੀ ਰਾਹਤ ਦਿੱਤੀ। ਇਸ ਵਿੱਚ ਘੱਟੋ ਘੱਟ ਅੱਧੀ (5,000 ਡਾਲਰ) ਛੋਟ ਵਜੋਂ ਸੀ। ਬਿਨੈਕਾਰਾਂ ਨੂੰ ਫੰਡ ਵਿੱਚ ਲਾਜ਼ਮੀ ਆਪਣੀਆਂ ਵਿਅਕਤੀਗਤ ਅਰਜ਼ੀਆਂ ਦੇਣੀਆਂ ਚਾਹੀਦੀਆਂ ਹਨ।
ਨਤੀਜਾ
- 3,000 ਡਾਲਰ ਦੀ ਗਰਾਂਟ ਦਾ ਭੁਗਤਾਨ ਕੀਤਾ ਜਾਵੇਗਾ। ਇਸ ਨੂੰ ਮਾਲਕਾਂ (1500 ਡਾਲਰ ਹਰੇਕ) ਦੇ ਵਿਚਕਾਰ ਵੰਡਿਆ ਜਾਵੇਗਾ ਜਦ ਤੱਕ ਉਹ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹਨ।
- ਕੋਈ ਵੀ ਬਿਨੈਕਾਰ ਇਸ ਕਿਰਾਏਦਾਰੀ ਲਈ ਹੋਰ ਅਰਜ਼ੀਆਂ ਨਹੀਂ ਦੇ ਸਕਦਾ ਹੈ।
ਉਦਾਹਰਣ ਪੰਜ
ਦੋ ਬਿਨੈਕਾਰਾਂ, ਬਿਨੈਕਾਰ A ਅਤੇ ਬਿਨੈਕਾਰ B ਦਾ ਇਕ ਜਾਇਦਾਦ ਵਿੱਚ 50 ਪ੍ਰਤੀਸ਼ਤ ਹਿੱਸਾ ਹੈ। ਜਾਇਦਾਦ ਦੀ ਜ਼ਮੀਨ ਦਾ ਮੁੱਲ 1 ਮਿਲੀਅਨ ਡਾਲਰ ਤੋਂ ਘੱਟ ਹੈ ਅਤੇ ਇਸ ਦੀ ਕਿਰਾਏਦਾਰੀ ਹੈ ਜੋ CTRS ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਫੰਡ ਦੇ ਐਲਾਨ ਤੋਂ ਪਹਿਲਾਂ ਜਾਂ ਬਾਅਦ ਵਿੱਚ, ਬਿਨੈਕਾਰਾਂ ਨੇ ਕਿਰਾਏਦਾਰ ਨੂੰ ਤਿੰਨ ਮਹੀਨਿਆਂ ਦੇ ਦੌਰਾਨ 10,000 ਡਾਲਰ ਦੀ ਕਿਰਾਇਆ ਰਾਹਤ ਦਿੱਤੀ। ਇਸ ਵਿੱਚ ਘੱਟੋ ਘੱਟ ਅੱਧੀ (5,000 ਡਾਲਰ) ਛੋਟ ਵਜੋਂ ਸੀ।
ਬਿਨੈਕਾਰ A ਕਿਰਾਇਆ ਘੱਟ ਕਰਨ ਦੇ ਨਤੀਜੇ ਵਜੋਂ ਵਿੱਤੀ ਸੰਘਰਸ਼ ਵਿੱਚ ਫਸਿਆ ਹੋਇਆ ਹੈ, ਪਰ ਬਿਨੈਕਾਰ B ਨਹੀਂ।
ਨਤੀਜਾ
- ਜੇ ਉਹ ਪਾਤਰਤਾ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਬਿਨੈਕਾਰ A ਇਕ ਗਰਾਂਟ ਲੈਣ ਦੇ ਯੋਗ ਹੈ। ਇਹ ਰਕਮ ਜਾਇਦਾਦ ਵਿੱਚ ਬਿਨੈਕਾਰ A ਦੇ ਹਿੱਸੇ ਦੇ ਬਰਾਬਰ ਹੈ, ਇਸ ਮਾਮਲੇ ਵਿੱਚ ਇਹ 1,500 ਡਾਲਰ ਹੈ।
- ਬਿਨੈਕਾਰ A ਇਸ ਕਿਰਾਏਦਾਰੀ ਵਾਸਤੇ ਕੋਈ ਹੋਰ ਅਰਜ਼ੀ ਨਹੀਂ ਦੇ ਸਕਦਾ।
- ਬਿਨੈਕਾਰ B ਗਰਾਂਟ ਵਾਸਤੇ ਯੋਗ ਨਹੀਂ ਹੈ।
State Government of Victoria
© Copyright DJPR 2021
Page updated: 21 Oct 2020